ਪੰਜਾਬੀ ਯੂਨੀਵਰਸਿਟੀ, ਪਟਿਆਲਾ ਉਚੇਰੀ ਵਿੱਦਿਆ ਦੀ ਬਹੁ ਪੱਖੀ ਸੰਸਥਾ ਹੈ ਜੋ ਕਿ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਸਰਬ ਪੱਖੀ ਪ੍ਰਚਾਰ ਨੂੰ ਸਮਰਪਿਤ ਹੈ। ਗੁਰਮਤਿ ਸੰਗੀਤ ਨੂੰ ਫ਼ੈਕਲਟੀ ਆਫ਼ ਆਰਟਸ ਅਤੇ ਕਲਚਰ ਅਧੀਨ ਵਿਸ਼ੇ ਵਜੋਂ ਲਾਗੂ ਕਰਨ ਵਾਲੀ ਵਿਸ਼ਵ ਭਰ ਵਿਚ ਇਹ ਪਹਿਲੀ ਯੂਨੀਵਰਸਿਟੀ ਹੈ। ਵੱਖ ਵੱਖ ਸਭਿਆਚਾਰਾਂ ਦੇ ਲੋਕਾਂ ਵਿਚ ਗੁਰਮਤਿ ਸੰਗੀਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਦੇ ਗਿਆਨ ਅਤੇ ਪ੍ਰਚਾਰ ਤੇ ਪਰਸਾਰ ਹਿਤ ਇਸ ਨੂੰ ਅਕਾਦਮਿਕ ਵਿਸ਼ੇ ਵਜੋਂ ਸਥਾਪਿਤ ਕੀਤਾ ਗਿਆ ਹੈ।
ਇਸ ਉਦੇਸ਼ ਦੀ ਪੂਰਤੀ ਲਈ ਇਸ ਯੂਨੀਵਰਸਿਟੀ ਵਲੋਂ ਗੁਰਮਤਿ ਸੰਗੀਤ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਤਾਂ ਕਿ ਇਸ ਵਿਲੱਖਣ ਸੰਗੀਤ ਪਰੰਪਰਾ ਨੂੰ ਪੁਨਰਸੁਰਜੀਤ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਅਤੇ ਸੰਭਾਲ ਲਈ 2003 ਵਿਚ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਹੋਈ। ਚੇਅਰ ਦੀ ਵਿਸ਼ਵ ਭਰ ਵਿਚ ਪ੍ਰਸ਼ੰਸਾ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਮੌਕੇ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਗੁਰਮਤਿ ਸੰਗੀਤ ਵਿਭਾਗ ਦੀ ਸਥਾਪਨਾ ਕੀਤੀ ਗਈ।