ਵਿਭਾਗ ਦਾ ਇਤਿਹਾਸ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਉੱਤਰੀ ਭਾਰਤ ਵਿਚ ਉਚੇਰੀ ਸਿੱਖਿਆ ਦੇ ਮੁਢਲੇ ਇਦਾਰਿਆ ਵਿਚੋਂ ਇੱਕ ਹੈ, ਜਿਸ ਦੀ ਸਥਾਪਨਾ 30 ਅਪ੍ਰੈਲ 1962 ਈ. ਨੂੰ ਪੰਜਾਬੀ ਯੂਨੀਵਰਸਿਟੀ ਐਕਟ 1961 ਅਨੁਸਾਰ ਹੋਈ। ਇਸਰਾਈਲ ਦੀ ਹੈਬਰਿਊ ਯੂਨੀਵਰਸਿਟੀ ਤੋਂ ਬਾਅਦ ਇਹ ਦੁਨੀਆਂ ਦੀ ਦੂਜੀ ਅਜਿਹੀ ਯੁਨੀਵਰਸਿਟੀ ਹੈ ਜਿਸ ਦਾ ਨਾਂ ਇਕ ਭਾਸ਼ਾ ਦੇ ਨਾਂ ‘ਤੇ ਰੱਖਿਆ ਗਿਆ। ਇਸ ਯੂਨੀਵਰਸਿਟੀ ਦਾ ਮੂਲ ਮੰਤਵ ਪੰਜਾਬੀ ਲੋਕਾਂ ਦੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ। ਪੰਜਾਬੀ ਯੂਨੀਵਰਸਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੇ ਖ਼ੁਦ-ਮੁਖ਼ਤਿਆਰ ਇਦਾਰੇ ਯੂਨੀਵਰਸਿਟੀ ਗਰਾਂਟ ਕਮਿਸ਼ਨ ਵਲੋਂ ਇਸ ਨੂੰ ਫ਼ਾਈਵ ਸਟਾਰ ਸਟੇਟਸ ਨਾਲ ਨਵਾਜ਼ਿਆ ਗਿਆ। ਆਧੁਨਿਕ ਸਹੂਲਤਾਂ ਨਾਲ ਲੈਸ ਯੂਨੀਵਰਸਿਟੀ ਕੈਂਪਸ ਪਟਿਆਲਾ-ਚੰਡੀਗੜ੍ਹ ਰੋਡ ਉੱਤੇ ਪਟਿਆਲਾ ਸ਼ਹਿਰ ਤੋਂ ਥੋੜੇ ਹੀ ਫ਼ਾਸਲੇ ਉਤੇ ਸਥਿਤ ਹੈ। ਲੱਗਭਗ 361 ਏਕੜ ਵਿਚ ਫੈਲਿਆ ਕੈਂਪਸ ਸ਼ਹਿਰੀ ਪ੍ਰਦੂਸ਼ਨ ਤੋਂ ਪੂਰੀ ਤਰ੍ਹਾਂ ਪਾਕ ਹੈ।
ਯੂਨੀਵਰਸਿਟੀ ਦਾ ਫ਼ਾਰਸੀ, ਉਰਦੂ ਅਤੇ ਅਰਬੀ ਵਿਭਾਗ ਆਰਟਸ ਬਲਾਕ ਨੰਬਰ 2 ਵਿਚ ਸਥਿਤ ਹੈ। ਇਹ ਵਿਭਾਗ 1967 ਈ. ਨੂੰ ਹੋਂਦ ਵਿਚ ਆਇਆ। ਇਸ ਵਿਭਾਗ ਦਾ ਬੁਨਿਆਦੀ ਮਕਸਦ ਪੰਜਾਬ ਅਤੇ ਉਰਦੂ, ਫ਼ਾਰਸੀ ਦੇ ਮਾਂ-ਧੀ ਵਾਲੇ ਆਪਸੀ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਾ ਸੀ। ਪੰਜਾਬ ਅਜਿਹਾ ਵਾਹਿਦ ਸੂਬਾ ਹੈ ਜਿਸ ਦਾ ਨਾਂ ਉਰਦੂ ਫ਼ਾਰਸੀ ਦੀ ਦੇਣ ਹੈ। ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਸਮਝਣ ਲਈ ਪੰਜਾਬੀ ਦੇ ਨਾਲ-ਨਾਲ ਉਰਦੂ-ਫ਼ਰਸੀ ਦਾ ਗਿਆਨ ਹੋਣਾ ਲਾਜ਼ਮੀ ਹੈ। ਉਰਦੂ ਵਿਦਵਾਨ ਇਸ ਵਿਚਾਰ ਉੱਤੇ ਪੂਰੀ ਤਰ੍ਹਾਂ ਸਹਿਮਤ ਹਨ ਕਿ ਉਰਦੂ ਪੰਜਾਬ ਵਿੱਚ ਪੈਦਾ ਹੋਈ।
ਵਰਨਣਯੋਗ ਹੈ ਕਿ ਚੋਟੀ ਦੇ ਵਿਦਵਾਨ ਤੇ ਸਿੱਖਿਆ ਮਾਹਿਰ ਇਸ ਵਿਭਾਗ ਨਾਲ ਸਬੰਧਤ ਰਹੇ ਹਨ। ਅਜਿਹੇ ਬੁੱਧੀ ਜੀਵੀਆਂ ਵਿਚ ਸਭ ਤੋਂ ਪਹਿਲਾ ਨਾਂ ਪ੍ਰੋਫ਼ੈਸਰ ਕਿਰਪਾਲ ਸਿੰਘ ‘ਬੇਦਾਰ’ ਹੋਰਾਂ ਦਾ ਹੈ ਜੋ ਆਪਣੇ ਸਮੇਂ ਦੇ ਪ੍ਰਸਿੱਧ ਕਵੀ ਸਨ। ਦੂਜੇ ਮਹੱਤਵਪੂਰਨ ਨਾਵਾਂ ਵਿਚ ਪ੍ਰੋਫ਼ੈਸਰ ਗੁਲਵੰਤ ਸਿੰਘ ਦਾ ਨਾਂ ਸਰਿ-ਫ਼ਹਿਰਿਸਤ ਹੈ ਜੋ ਵਿਭਾਗ ਦੇ ਮੁਖੀ ਹੋਣ ਦੇ ਨਾਲ-ਨਾਲ ਬਾਬਾ-ਏ-ਫ਼ਾਰਸੀ-ਪੰਜਾਬੀ ਕੋਸ਼ ਨੂੰ ਉਚੇਚਾ ਮਾਣ-ਸਨਮਾਨ ਮਿਲਿਆ।
ਡਾ. ਜ਼ਾਕਿਰ ਹੁਸੈਨ ਨਕਵੀ ਵਿਭਾਗ ਦੇ ਤੀਜੇ ਮੁਖੀ ਸਨ ਜੋ ਬੁਨਿਆਦੀ ਤੌਰ ਤੇ ਫ਼ਾਰਸੀ ਦੇ ਵਿਦਵਾਨ ਸਨ। ਉਹ ਇਕ ਚੰਗੇ ਕਵੀ ਹੋਣ ਦੇ ਨਾਲ-ਨਾਲ ਇਲਮ-ਏ-ਅਰੂਜ਼ ਦੇ ਵੀ ਮਾਹਿਰ ਸਨ। ਉਹ ਆਪਣੇ ਸੇਵਾ ਕਾਲ ਦੌਰਾਨ ਹੀ 1992 ਈ. ਵਿਚ ਇੰਤਕਾਲ ਕਰ ਗਏ। ਉਹਨਾਂ ਤੋਂ ਬਾਅਦ ਵਿਭਾਗ ਕੋਈ ਖ਼ਾਸ ਕੰਮ ਨਾ ਕਰ ਸਕਿਆ।
ਡਾ. ਤਾਰਿਕ ਦੇ ਰੀਡਰ ਬਨਣ ਉਪਰੰਤ ਮੁਖੀ ਦਾ ਅਹੁਦਾ ਮੁੜ ਵਿਭਾਗ ਦੇ ਅਧਿਆਪਕ ਡਾ. ਤਾਰਿਕ ਕਿਫ਼ਾਇਤ ਨੂੰ ਸੌਂਪ ਦਿੱਤਾ ਗਿਆ. ਉਹ 2006 ਈ. ਵਿਚ ਵਿਭਾਗ ਦੇ ਮੁਖੀ ਬਣੇ। ਅਜੇ ਉਹ ਵਿਭਾਗ ਨੂੰ ਮੁੜ ਸੁਰਜੀਤ ਕਰ ਹੀ ਰਹੇ ਸਨ ਕਿ ਉਹਨਾਂ ਦਾ ਤਬਾਦਲਾ ਬਤੌਰ ਮੁਖੀ ਨਵਾਬ ਸ਼ੇਰ ਮੁਹੰਮਦ ਖ਼ਾਂ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼, ਮਾਲੇਰਕੋਟਲਾ ਵਿਖੇ ਕਰ ਦਿੱਤਾ ਗਿਆ।
2007 ਈ. ਨੂੰ ਵਿਭਾਗ ਦੇ ਕੰਮ-ਕਾਜ ਦੀ ਵਾਗਡੋਰ ਡਾ. ਨਾਸ਼ਿਰ ਨਕਵੀ ਨੂੰ ਸੌਂਪ ਦਿੱਤੀ ਗਈ। ਉਹਨਾਂ ਦੇ ਮੁਖੀ ਬਨਣ ਉਪਰੰਤ ਵਿਭਾਗ ਦੀਆਂ ਅਕਾਦਮਿਕ ਗਤੀ-ਵਿਧੀਆਂ ਵਿਚ ਸੁਚਾਰੂ ਢੰਗ ਨਾਲ ਤੇਜ਼ੀ ਨਾਲ ਆਈ। ਡਾ. ਨਾਸ਼ਿਰ ਨਕਵੀ ਚੰਗੇ ਪ੍ਰਬੰਧਕ ਹੋਣ ਦੇ ਨਾਲ-ਨਾਲ ਪ੍ਰਸਿੱਧ ਕਵੀ ਤੇ ਲੇਖਕ ਵੀ ਸਨ। ਉਹਨਾਂ ਦੀ ਸਰਪ੍ਰਸਤੀ ਵਿਚ ਵਿਭਾਗ ਵਿਚ ਉਰਦੂ-ਫ਼ਾਰਸੀ ਦੇ ਕਈ ਨਵੇਂ ਕੋਰਸ ਵੀ ਸ਼ੁਰੂ ਹੋਏ।
ਇਹਨਾਂ ਤੋਂ ਬਾਅਦ 2010-13 ਦੌਰਾਨ ਡਾ. ਮੁਹੰਮਦ ਜਮੀਲ ਨੂੰ ਵਿਭਾਗ ਦੇ ਮੁਖੀ ਵਜੋਂ ਜ਼ਿੰਮੇਦਾਰੀ ਨਾਲ ਨਵਾਜ਼ਿਆ ਗਿਆ। ਇਹਨਾਂ ਨੇ ਵਿਭਾਗ ਦੇ ਮੁਖੀ ਦੌਰਾਨ ਇਕ ਨੈਸ਼ਨਲ ਤੇ ਇਕ ਇੰਟਰ ਨੈਸ਼ਨਲ ਉਰਦੂ ਵਿਸ਼ੇ ਸਬੰਧੀ ਸੈਮੀਨਾਰ ਕਰਵਾਏ ਸਨ। 2013-16 ਦੌਰਾਨ ਫਿਰ ਨਾਸ਼ਿਰ ਨਕਵੀ ਮੁਖੀ ਬਣੇ। 2016 ਤੋਂ ਦਸੰਬਰ 2018 ਤੱਕ ਡਾ. ਮੁਹੰਮਦ ਜਮੀਲ ਫਿਰ ਵਿਭਾਗ ਦੇ ਮੁਖੀ ਬਣੇ। ਇਸ ਦੌਰਾਨ ਡਿਪਲੋਮਾ ਇਨ ਉਰਦੂ ਫ਼ਾਰ ਫ਼ਾਰਨ ਸਟੂਡੈਂਟਸ ਅਤੇ ਸ਼ਾਰਟ ਟਰਮ ਉਰਦੂ ਲਰਨਿੰਗ ਕੋਰਸ ਸ਼ੁਰੂ ਕੀਤੇ ਗਏ ਤੇ ਕੌਮੀ ਪੱਧਰ ਦਾ ਇਕ ਮੁਸ਼ਾਇਰਾ/ਸੈਮੀਨਾਰ ਵੀ ਕਰਵਾਇਆ ਗਿਆ। ਜਨਵਰੀ 2019 ਤੋਂ ਵਿਭਾਗ ਦੇ ਮੁਖੀ ਦੀ ਜ਼ਿੰਮੇਦਾਰੀ ਡੀਨ ਭਾਸ਼ਾਵਾਂ ਨੂੰ ਸੌਂਪੀ ਗਈ ਅਤੇ ਵਿਭਾਗ ਦੇ ਇੰਚਾਰਜ ਡਾ. ਰਹਿਮਾਨ ਅਖ਼ਤਰ ਨੂੰ ਬਣਾ ਦਿੱਤਾ ਗਿਆ। ਇਸ ਦੌਰਾਨ ਵੀ ਵਿਭਾਗ ਵਲੋਂ ਕੋਮੀ ਪੱਧਰ ਦਾ ਮੁਸ਼ਾਇਰਾ/ਸੈਮੀਨਾਰ ਕਰਵਾਇਆ ਗਿਆ। ਡਾ. ਰਹਿਮਾਨ ਦੇ ਕਾਰਜ ਕਾਲ ਦੌਰਾਨ ਵਿਭਾਗ ਵਿਚ ਉਰਦੂ ਦਾ ਨਵਾਂ ਕੋਰਸ ਬੀ.ਏ. ਆਨਰਜ ਸਕੂਲ ਇਨ ਉਰਦੂ (ਵਿਦੇਸ਼ੀ ਵਿਦਿਆਰਥੀਆਂ ਲਈ) ਸ਼ੁਰੂ ਹੋਇਆ। ਇਸ ਤੋਂ ਇਲਾਵਾ ਐਮ. ਏ ਭਾਗ ਪਹਿਲਾ ਅਤੇ ਦੂਜਾ ਲਈ ਟਾਪਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦਾ ਉਪਰਾਲਾ ਵੀ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਤੋਂ ਇਲਾਵਾ ਮਾਲਵੇ ਦੇ ਖੇਤਰ ਵਿਚ 25 ਨਵੇਂ ਸੈਂਟਰਾਂ ਦੀ ਸਥਾਪਨਾ ਕੀਤੀ, ਜਿਨ੍ਹਾਂ ਵਿਚੋਂ ਇਕ ਨਵਾਬ ਸ਼ੇਰ ਮੁਹੰਮਦ ਖ਼ਾਂ ਇੰਸਟੀਟਿਊਟ, ਮਾਲੇਰਕੋਟਲਾ ਹੈ। ਇਸ ਸੈਂਟਰ ਦਾ ਖੋਜ-ਕਾਰਜ ਵੀ ਫ਼ਾਰਸੀ, ਉਰਦੂ ਅਤੇ ਵਿਭਾਗ ਦੀ ਦੇਖ-ਰੇਖ ਵਿਚ ਹੀ ਹੁੰਦਾ ਹੈ।
ਪਾਠਕ੍ਰਮ ਡਾਊਨਲੋਡ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. Rehman Akhter
0175-5136251
urdudeptpup@gmail.com
Information authenticated by
Dr. Rehman Akhter
Webpage managed by
Department
Departmental website liaison officer
-
Last Updated on:
19-05-2019